ਇਹ ਦਿਨ شاہ مکھی

ਕਾਮਾਗਾਟਾ ਮਾਰੂ ਘਟਨਾ ਬਾਰੇ ਟਰੂਡੋ ਦੇ ਮੁਆਫ਼ੀ ਨਾਮੇ ਨੂੰ ਘੋਖਣ ਵੇਲੇ ਚੇਤੇ ਰੱਖਣ ਵਾਲੇ ਤੱਥ

ਚਾਰਲਸ ਬੌਇਲਨ

1. ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕਾਮਾਗਾਟਾ ਮਾਰੂ ਹਾਦਸੇ ਬਾਰੇ ਹਾਊਸ ਆਫ਼ ਕਾਮਨ ਵਿਚ ਮੁਆਫ਼ੀ ਮੰਗਣ ਤੋਂ ਪਹਿਲਾਂ 3 ਅਗਸਤ 2003 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਵੀ ਸਰੀ ਪਾਰਕ ਵਿਚ 8000 ਲੋਕਾਂ, ਜੋ ਬਹੁਤਾ ਕਰਕੇ ਪੰਜਾਬੀ ਪਿਛੋਕੜ ਤੋਂ ਸਨ, ਦੇ ਇਕੱਠੇ ਦੇ ਸਾਹਮਣੇ ਇਸੇ ਹਾਦਸੇ ਬਾਰੇ ਇਕ ਮੁਆਫ਼ੀ ਮੰਗੀ ਸੀ ਜਿਹਦੇ ਕਰਕੇ ਉਸਦੀ ਬੜੀ ਅਲੋਚਨਾ ਵੀ ਹੋਈ ਸੀ ਕਿ ਉਸ ਨੂੰ ਇਹ ਮਾਫ਼ੀ ਹਾਊਸ ਆਫ਼ ਕਾਮਨ ਵਿਚ ਜਾ ਕੇ ਮੰਗਣੀ ਚਾਹੀਦੀ ਸੀ।
ਮਈ 2008 ਵਿਚ ਹਾਰਪਰ ਨੇ ਕੈਨੇਡਾ ਦੇ ਜੱਦੀ-ਪੁਸ਼ਤੀ ਲੋਕਾਂ ਤੋਂ ਹਾਊਸ ਕਾਮਨ ਮਾਫ਼ੀ ਮੰਗਦਿਆਂ ਕਿਹਾ ਸੀ, ''ਕੈਨੇਡਾ ਦੇ ਜੱਦੀ ਪੁਸ਼ਤੀ ਵਸਨੀਕ ਲੋਕਾਂ ਨਾਲ ਸਾਡੇ ਰਿਸ਼ਤੇ ਵਿਚ ਇਸ ਨਾਲ (ਮਾਫ਼ੀ ਮੰਗਣ ਨਾਲ) ਬਿਹਤਰੀ ਆਈ ਹੈ।''
22 ਜੂਨ 2006 ਨੂੰ ਹਾਰਪਰ ਸਰਕਾਰ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨ ਅੰਦਰ 'ਪੂਰਨ ਮੁਆਫ਼ੀ' ਮੰਗੀ ਚੀਨੀ ਆਵਾਸੀਆਂ ਤੋਂ ਇਸ ਗੱਲ ਲਈ ਕਿ ਉਨ੍ਹਾਂ ਉੱਤੇ ਕੈਨੇਡਾ ਸਰਕਾਰ ਨੇ ਜੋ ਹੈੱਡ ਟੈਕਸ ਲਾਇਆ ਸੀ ਉਹ ਗ਼ਲਤ ਸੀ ਤੇ ਇਹ ਟੈਕਸ ਉਨ੍ਹਾਂ ਨੂੰ ਜਿਨ੍ਹਾਂ ਨੇ ਦਿੱਤਾ ਸੀ ਜਾਂ ਜੋ ਨਹੀਂ ਰਹੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਵਾਪਸ ਵੀ ਕੀਤਾ ਗਿਆ।
2. ਜਿਸ ਵੇਲੇ ਟਰੂਡੋ ਨੇ ਕਾਮਾਗਾਟਾ ਮਾਰੂ ਘਟਨਾ ਬਾਰੇ ਮੁਆਫ਼ੀ ਮੰਗ ਲੈਣ ਦੇ ਇਰਾਦੇ ਦਾ ਐਲਾਨ ਕੀਤਾ ਤਾਂ ਕਿਹਾ ਕਿ ਉਹ ਇਹ ਮੁਆਫ਼ੀ 'ਸਿੱਖ' ਭਾਈਚਾਰੇ ਕੋਲੋਂ ਹਾਊਸ ਕਾਮਨ ਵਿਚ ਮੰਗੇਗਾ। ਉਹ ਨੇ ਕਿਹਾ ਕਿ, 'ਇਹ ਕਾਰਵਾਈ ਦਰੁਸਤ ਹੋਵੇਗੀ ਤੇ ਹਾਊਸ ਆਫ਼ ਕਾਮਨ ਵਿਚ ਹੀ ਇਹ ਗੱਲ ਕੀਤੀ ਜਾਣੀ ਠੀਕ ਹੋਵੇਗੀ।' ਮੁਆਫ਼ੀ ਕੀਹਦੇ ਤੋਂ ਮੰਗੀ ਜਾਣੀ ਚਾਹੀਦੀ ਹੈ ਇਹਦੇ ਵਿਚ ਸੋਧ ਮਾਫ਼ੀ ਮੰਗਣ ਦੇ ਦੌਰਾਨ ਕਰ ਲਈ ਗਈ ਸੀ।
ਹਾਰਪਰ ਤੇ ਟਰੂਡੋ ਦੋਹਾਂ ਨੇ ਹੀ ਆਪੋ ਆਪਣੀ ਮੁਆਫ਼ੀ ਮੰਗਣ ਜਾਂ ਮੰਗਣ ਦਾ ਐਲਾਨ ਸਰੀ ਤੇ ਔਟਵਾ ਵਿਚ ਵਿਸਾਖੀ ਦੇ ਸਮਾਗਮਾਂ ਦੌਰਾਨ ਕਰ ਦਿੱਤਾ ਸੀ। ਮੀਡੀਆ ਅਤੇ ਸਰਕਾਰ ਵਿਸਾਖੀ ਦੇ ਤਿਉਹਾਰ ਨੂੰ ਸਿੱਖਾਂ ਦਾ ਤਿਉਹਾਰ ਦੱਸਦੇ ਹਨ ਜੋ ਹਕੀਕੀ ਤੌਰ ਤੇ ਸਹੀ ਗੱਲ ਨਹੀਂ ਕਿਉਂਕਿ ਵਿਸਾਖੀ ਦਾ ਤਿਉਹਾਰ ਸਾਰੇ ਹਿੰਦੁਸਤਾਨ ਭਰ ਵਿਚ ਨਵੇਂ ਸਾਲ ਦੇ ਤੌਰ ਤੇ ਕਿਸੇ ਨਾ ਕਿਸੇ ਸ਼ਕਲ ਵਿਚ ਅਪ੍ਰੈਲ ਦੇ ਮਹੀਨੇ ਵਿਚ ਹਰ ਧਰਮ ਦੇ ਲੋਕ ਮਨਾਉਂਦੇ ਹਨ। ਇਸ ਤਿਉਹਾਰ ਦਾ ਸਬੰਧ ਹਾੜੀ ਦੀ ਫ਼ਸਲ ਪੱਕਣ ਦੇ ਨਾਲ ਜੁੜਿਆ ਹੋਇਆ ਹੈ ਤੇ ਫ਼ਸਲ ਦੀ ਵਾਢੀ ਦੇ ਜਸ਼ਨ ਮਨਾਉਣ ਲਈ ਇਹ ਤਿਉਹਾਰ ਬੜੇ ਪੁਰਾਣੇ ਵੇਲਿਆਂ ਤੋਂ ਸਾਊਥ ਏਸ਼ੀਆ ਵਿਚ ਚੱਲਿਆ ਆ ਰਿਹਾ ਹੈ।
ਕੈਨੇਡੀਅਨ ਹਕੂਮਤਾਂ ਵੱਲੋਂ ਧਰਮ ਉੱਪਰ ਜ਼ੋਰ ਦੇਣਾ ਬਰਤਾਨਵੀ ਸਾਮਰਾਜ ਦੀ ਲੋਕਾਂ ਧਰਮ, ਨਸਲ ਅਤੇ ਫ਼ਿਰਕੂ ਅਧਾਰ ਤੇ ਵੰਡ ਕੇ ''ਪਾੜੋ ਤੇ ਰਾਜ ਕਰੋ'' ਦੀ ਨੀਤੀ ਨੂੰ ਬਰਕਰਾਰ ਰੱਖਣ ਲਈ ਹੈ। ਇਹ ਗੱਲ ਸੋਚਣ ਵਾਲੀ ਹੈ ਕਿਉਂਕਿ ਹਿੰਦੁਸਤਾਨੀ ਸਟੇਟ ਹਾਲੇ ਵੀ ਲੋਕਾਂ ਨੂੰ ਧਰਮ, ਨਸਲ, ਫ਼ਿਰਕਾਪ੍ਰਸਤੀ ਤੇ ਫ਼ਿਰਕੂ ਹਿੰਸਾ ਵਰਤ ਕੇ ਹੱਕ ਦੀ ਲੜਾਈ ਤੋਂ ਗੁਮਰਾਹ ਕਰਨ ਦੇ ਰਾਹ ਚੱਲ ਰਹੀ ਹੈ। ਲੋਕਾਂ ਦੇ ਆਰਥਕ, ਸਿਆਸੀ ਤੇ ਸਮਾਜੀ ਮਸਲਿਆਂ ਨੂੰ ਸੁਲਝਾਉਣ ਲਈ ਸਟੇਟ ਅੱਜ ਵੀ ਕੁਝ ਨਹੀਂ ਕਰ ਰਹੀ ਅਤੇ ਲੋਕਾਂ ਨੂੰ ਫਾਇਨੈਂਸ਼ਲ ਕੈਪੀਟਲ ਦੇ ਜੂਲ਼ੇ ਹੇਠ ਨਰੜੀ ਰੱਖ ਰਹੀ ਹੈ।
ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰ ਸਿੱਖ ਵੀ ਸਨ, ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ ਅਤੇ ਮੁੱਖ ਤੌਰ ਗ਼ਦਰੀ ਸਨ ਜੋ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਲੋਕ ਸਨ। ਟਰੂਡੋ ਵੱਲੋਂ ਸਿੱਖਾਂ ਉੱਤੇ ਉਨ੍ਹਾਂ ਨਾਲ ਹੋਏ ਧੱਕੇ ਉੱਤੇ ਜ਼ੋਰ ਦੇਣਾ ਜਾਣਬੁੱਝ ਕੇ ਕੀਤੀ ਗਈ ਮਾੜੀ ਗੱਲ ਹੈ ਕਿਉਂਕਿ ਅਜੇਹਾ ਕਰਨਾ ਸਾਮਰਾਜ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਉੱਤੇ ਚੱਲਣਾ ਹੈ, ਲੋਕਾਂ ਨੂੰ ਧਰਮ ਅਤੇ ਫ਼ਿਰਕੇ ਦੇ ਅਧਾਰ ਵੰਡਣਾ ਤੇ ਕਮਜ਼ੋਰ ਕਰਨਾ ਹੈ ਤੇ ਧਨਾਢਾਂ ਦੇ ਲੋਟੂ ਰਾਜ ਹੇਠ ਬੰਨ੍ਹੀ ਰੱਖਣਾ ਹੈ। 
ਹਾਕਮ ਲਾਣੇ ਵੱਲੋਂ ਇਸ ਗੱਲ ਤੇ ਜ਼ੋਰ ਦੇਣਾ ਕਿ ਕਾਮਾਗਾਟਾ ਮਾਰੂ ਘਟਨਾ ਦੇ ਸ਼ਿਕਾਰ ਹੋਣ ਵਾਲੇ ਇਕ ਵਿਸ਼ੇਸ਼ ਧਰਮ ਨਾਲ ਸਬੰਧ ਰੱਖਣ ਵਾਲੇ ਸਨ, ਜ਼ਰਾ ਸੋਚਣ ਵਾਲੀ ਗੱਲ ਹੈ। ਇਸ ਵੇਲੇ ਜੋ ਕੁਝ ਇਰਾਕ, ਸੀਰੀਆ, ਲਿਬੀਆ, ਫ਼ਲਸਤੀਨ, ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਸੈਂਟਰਲ ਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਹੋਰ ਕਈ ਥਾਈਂ ਹੋਇਆ ਹੈ ਜਾਂ ਹੋ ਰਿਹਾ ਹੈ ਇਸਦੀ ਦੀ ਜ਼ੁੰਮੇਵਾਰੀ ਜਾਂ ਸਰੋਤ ''ਪੁਰਾਣੇ ਚਲੇ ਆਉਂਦੇ ਧਾਰਮਿਕ ਮੱਤਭੇਦਾਂ'' ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਇਕ ਗ਼ਲਤ ਗੱਲ ਹੈ। ਹਕੀਕਤ ਇਹ ਹੈ ਕਿ ਇਸ ਖ਼ਿੱਤੇ ਵਿਚ ਧਾਰਮਿਕ ਫੁੱਟ ਪਾਉਣ ਵਾਲੇ ਅਤੇ ਭੜਕਾਉਣ ਵਾਲੇ ਅਮਰੀਕੀ ਸਾਮਰਾਜ ਦੇ ਪਾਲਤੂ ਹਨ ਤੇ ਸਾਥੀ ਹਨ ਜਿਨ੍ਹਾਂ ਨੂੰ ਅਮਰੀਕੀ ਸਾਮਰਾਜ ਮਾਇਕ ਅਤੇ ਜਥੇਬੰਦਕ ਮਦਦ ਦਿੰਦਾ ਹੈ ਤਾਂਕਿ ਇਸ ਖ਼ਿੱਤੇ ਦੇ ਲੋਕਾਂ ਵਿਚ ਫ਼ੁੱਟ ਪਾ ਕੇ ਲੁੱਟ ਜਾਰੀ ਰੱਖੀ ਜਾਵੇ ਜਿਵੇਂ ਬਰਤਾਨਵੀ ਬਸਤੀਵਾਦ ਸਾਰੇ ਸਾਊਥ ਏਸ਼ੀਆ ਵਿਚ ਕਰਦਾ ਰਿਹਾ ਸੀ।
ਨਾ ਮੁੱਕਣ ਵਾਲੀ ਜੰਗ ਦੀ ਘਿਣਾਉਣੀ ਹਿੰਸਾ, ਹਥਿਆਰਬੰਦ ਕਬਜ਼ੇ ਬਾਜ਼ੀ, ਡਰੋਨ ਬਾਜ਼ੀ, ਅੰਧਾਧੁੰਦ ਬੰਬਾਰੀ ਆਦਿ, ਨੂੰ ਅਮਰੀਕੀ ਸਾਮਰਾਜ ਨੇ ਇਕ ਆਮ ਜਿਹੀ ਗੱਲ ਬਣਾ ਰੱਖਿਆ ਹੈ ਤੇ ਇਸਦਾ ਇਲਜ਼ਾਮ ਇਸ ਜਾਂ ਉਸ ''ਦਹਿਸ਼ਤੀ'' ਗਰੁੱਪ ਸਿਰ ਲਾ ਦਿੱਤਾ ਜਾਂਦਾ ਹੈ। ਪਾੜੋ ਤੇ ਰਾਜ ਕਰੋ ਦੀ ਨੀਤੀ ਅਤੇ ਹਿੰਸਾ ਦਾ ਇਹੋ ਜਿਹਾ ਨੰਗਾ ਨਾਚ ਸਾਊਥ ਏਸ਼ੀਆ ਵਿਚ ਬਰਤਾਨਵੀ ਬਸਤੀਵਾਦੀ ਰਾਜ ਵੇਲੇ ਵੀ ਹੁੰਦਾ ਰਿਹਾ ਸੀ ਖ਼ਾਸ ਕਰ ਲਾਰਡ ਮਾਊਂਟਬੈਟਨ ਦੇ ਰਾਜ ਦੇ ਆਖ਼ਰੀ ਸਮਿਆਂ ਵਿਚ ਜਦੋਂ ਬਰਤਾਨਵੀ ਪੁਲਿਸ ਤੇ ਫ਼ੌਜ ਨੇ ਪੰਜਾਬ ਤੇ ਬੰਗਾਲ ਦੀ ਵੰਡ ਵੇਲੇ ਖ਼ੌਫ਼ਨਾਕ ਫ਼ਿਰਕੂ ਖ਼ੂਨ ਖ਼ਰਾਬੇ ਨੂੰ ਉਕਸਾਇਆ ਅਤੇ ਕਤਲੇਆਮ ਜਥੇਬੰਦ ਕਰਕੇ ਹੋਰ ਭੜਕਾਇਆ ਸੀ। ਇਸ ਖ਼ੂਨ ਖ਼ਰਾਬੇ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਲੋਕਾਂ ਦੇ ਘਰ-ਘਾਟ ਬਰਬਾਦ ਹੋ ਗਏ ਅਤੇ ਸਭ ਕੁਝ ਉੱਜੜ ਗਿਆ। ਲੱਖਾਂ ਦੀ ਤਾਦਾਦ ਵਿਚ ਲੋਕਾਂ ਨੂੰ ਹਿਜਰਤ ਕਰਨੀ ਪਈ।
ਬਰਤਾਨਵੀ ਸਾਮਰਾਜ ਸਮਝਦਾ ਸੀ ਕਿ ਹਿੰਦੁਸਤਾਨ ਵਿਚ ''ਬਰਤਾਨਵੀ ਜਾਇਦਾਦ ਦੇ ਹੱਕ ਤੇ ਬਰਤਾਨਵੀ ਅਸਰ ਰਸੂਖ਼'' ਨੂੰ ਮਹਿਫ਼ੂਜ਼ ਕਰਨ ਲਈ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਆਰਥਕ ਤੇ ਸਮਾਜੀ ਇਨਕਲਾਬ ਦੇ ਰਾਹ ਪੈਣ ਤੋਂ ਰੋਕਣ ਲਈ ਉਨ੍ਹਾਂ ਨੂੰ ਵੰਡਣਾ, ਪਾੜਨਾ ਅਤੇ ਫ਼ਿਰਕੂ ਹਿੰਸਾ ਦੇ ਖ਼ੂਨ ਖ਼ਰਾਬੇ ਵਿਚ ਡੋਬਣਾ ਜ਼ਰੂਰੀ ਸੀ।
3. ਟਰੂਡੋ ਅਤੇ ਹਾਰਪਰ ਦੀਆਂ ਮਾਫ਼ੀਆਂ ਕੈਨੇਡਾ ਦੇ ਲੋਕਾਂ ਦੀ ਏਕਤਾ ਕਰਨ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਵਿਚ ਕੀ ਮਦਦ ਕਰਦੀਆਂ ਹਨ? ਜਿਨ੍ਹਾਂ ਭਾਈਚਾਰਿਆਂ ਤੋਂ ਮਾਫ਼ੀ ਮੰਗੀ ਗਈ ਹੈ ਉਨ੍ਹਾਂ ਦੇ ਮਸਲਿਆਂ ਦੇ ਹੱਲ ਵਿਚ ਇਹ ਕੀ ਮਦਦ ਕਰਦੀਆਂ ਹਨ? ਕੈਨੇਡਾ ਦੇ ਜੱਦੀ ਲੋਕਾਂ ਤੋਂ ਮੰਗੀ ਗਈ ਮੁਆਫ਼ੀ ਇਸ ਪਖੰਡਬਾਜ਼ੀ ਦੀ ਉੱਘੀ ਮਿਸਾਲ ਹੈ। ਅੱਜ ਅੱਤਾਵਾਪਿਸਕਾਤ ਲੋਕਾਂ ਦੇ ਨੌਜੁਆਨਾਂ ਵਿਚ ਜੋ ਆਤਮਘਾਤ ਹੋ ਰਹੇ ਹਨ ਉਸ ਦੇ ਹੱਲ ਵਾਰੇ ਹਾਕਮ ਲਾਣਾ ਬੈਠਾ ਹੱਥ ਮਲੀ ਜਾਂਦਾ ਹੈ ਜਦ ਕਿ ਨੌਜੁਆਨ ਖ਼ੁਦ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਚੰਗੇ ਸਕੂਲ ਚਾਹੀਦੇ ਹਨ, ਖੇਡਣ ਮੱਲ੍ਹਣ ਦੇ ਵਸੀਲੇ ਚਾਹੀਦੇ ਹਨ, ਚੰਗਾ ਅਰਥਚਾਰਾ ਚਾਹੀਦਾ ਹੈ ਜੋ ਨੌਕਰੀਆਂ ਅਤੇ ਘਰਾਂ ਲਈ ਹਾਲਾਤ ਬਿਹਤਰ ਕਰੇ ਤੇ ਉਨ੍ਹਾਂ ਦੀ ਕੌਮ ਤਰੱਕੀ ਹੋ ਸਕੇ।
ਆਪ ਕੁਝ ਨਾ ਕਰਨ ਤੇ ਮਸਲਿਆਂ ਦੀ ਜ਼ੁੰਮੇਵਾਰੀ ਕੈਨੇਡੀਅਨ ਲੋਕਾਂ ਉੱਤੇ ਸੁੱਟਣ ਦੀ ਹਾਕਮ ਲਾਣੇ ਦੀ ਨੀਤੀ ਦਾ ਮਕਸਦ ਸਰਕਾਰੀ ਹਲਕਿਆਂ ਦੇ ਸਵਾਰਥੀ ਹਿਤਾਂ ਨੂੰ ਲੁਕਾਉਣਾ ਹੈ ਤੇ ਇਹ ਨੀਤੀ ਜੱਦੀ ਲੋਕਾਂ ਨੂੰ ਆਪਣੇ ਕੌਮੀ ਇਲਾਕਿਆਂ ਵਿਚ ਉਜਾੜ ਕੇ ਹੋਰ ਕਿਤੇ ਚਲੇ ਜਾਣ ਲਈ ਮਜਬੂਰ ਕਰਨ ਦੀ ਹੈ ਤੇ ਉਨ੍ਹਾਂ ਦੀ ਧਰਤੀ ਦੇ ਕੁਦਰਤੀ ਖ਼ਜ਼ਾਨਿਆਂ ਨੂੰ ਹੜੱਪਣ ਦੀ ਹੈ।
4. ਪੰਜਾਬੀ ਪਿਛੋਕੜ ਦੇ ਕੁਝ ਵਿਅਕਤੀਆਂ ਨੂੰ ਸਰਕਾਰੀ ਅਹੁਦੇ ਦਿੱਤੇ ਗਏ ਹਨ ਤੇ ਕੁਝ ਟਰੂਡੋ ਦੇ ਮੰਤਰੀ ਮੰਡਲ ਵਿਚ ਵਜ਼ੀਰ ਵੀ ਬਣਾਏ ਗਏ ਹਨ। ਕੈਨੇਡੀਅਨ ਸਰਕਾਰ ਵਿਚ ਇਹ ਸ਼ਮੂਲੀਅਤ ਬਸਤੀਵਾਦ ਦੀ ਖ਼ਾਸ ਬੰਦਿਆਂ ਨੂੰ ਅਹੁਦੇ ਬਖ਼ਸ਼ਣ ਦੀ ਪੁਰਾਣੀ ਨੀਤੀ ਦਾ ਹਿੱਸਾ ਹੈ ਜਿਸ ਨੂੰ ਵਰਤ ਕੇ ਉਹ ਘੱਟ ਗਿਣਤੀ ਲੋਕਾਂ ਦੀ ਹੱਕਾਂ ਦੀ ਜੱਦੋਜਹਿਦ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਭੂਗੋਲਿਕ ਸਿਆਸਤ ਦੇ ਨੁਕਤੇ ਤੋਂ ਵੇਖੀਏ ਤਾਂ ਇਹ ਐਂਗਲੋ-ਅਮਰੀਕਨ ਫ਼ਰੰਟ ਵਿਚ ਇੰਡੀਆ ਨੂੰ ਇਕ ਜੂਨੀਅਰ ਪਾਰਟਨਰ ਦੇ ਤੌਰ ਤੇ ਸ਼ਾਮਲ ਕਰਨ ਵੱਲ ਇਸ਼ਾਰਾ ਕਰਦੀ ਹੈ। ਇਹ ਸਾਮਰਾਜੀ ਗੱਠਜੋੜ ਸਦਰ ਓਬਾਮਾ ਦੀ ਏਸ਼ੀਆ ਦੀ ਭੂਗੋਲਿਕ ਸਿਆਸਤ ਦਾ ਧੁਰਾ ਹੈ ਜਿਸਦਾ ਮਕਸਦ ਚੀਨ ਤੇ ਉੱਤਰੀ ਕੋਰੀਆ ਨੂੰ ਇਕੱਲੇ ਕਰਕੇ ਉੱਥੇ ਦੇ ਨਿਜ਼ਾਮ ਬਦਲਣੇ ਅਤੇ ਰੂਸ ਤੇ ਇੰਡੀਆ ਦੇ ਸਬੰਧਾਂ ਵਿਚਕਾਰ ਫਾਨਾ ਠੋਕਣਾ ਹੈ ਤੇ ਇਸਦੇ ਵਾਸਤੇ ਹੀ ਅਮਰੀਕਾ ਦੀਆਂ ਮੁਲਕੋਂ ਬਾਹਰ ਫ਼ੌਜਾਂ ਦਾ ਸੱਠ ਫ਼ੀ ਸਦੀ ਹਿੱਸਾ ਇਸ ਖ਼ਿੱਤੇ ਵਿਚ ਤਾਇਨਾਤ ਹੈ।
5. ਸਮਾਜ-ਵਿਰੋਧੀ ਮੁਹਿੰਮ ਦੇ ਇਸ ਦੌਰ ਵਿਚ ਪੰਜਾਬੀ ਪਿਛੋਕੜ ਦੇ ਕੈਨੇਡੀਅਨ ਵਰਕਰਾਂ ਦੇ ਮਸਲੇ ਵੀ ਉਹੋ ਹੀ ਹਨ ਜੋ ਹੋਰ ਕੈਨੇਡੀਅਨ ਵਰਕਰਾਂ ਦੇ ਹਨ। ਬੀ.ਸੀ. ਦੀ ਲੱਕੜ ਦੀ ਸਨਅਤ ਦਾ ਮਲੀਆਮੇਟ ਹੋਣ ਨਾਲ ਤੇ ਹੋਰ ਮੈਨੂਫੈਕਚਰਿੰਗ ਸਨਅਤ ਘਟ ਜਾਣ ਕਰਕੇ ਪੰਜਾਬੀ ਪਿਛੋਕੜ ਦੇ ਅਤੇ ਹੋਰ ਮਜ਼ਦੂਰਾਂ ਦੀਆਂ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਹਜ਼ਾਰਾਂ ਦੀ ਤਾਦਾਦ ਵਿਚ ਖ਼ਤਮ ਹੋ ਗਈਆਂ ਹਨ ਅਤੇ ਘੱਟ ਤਨਖ਼ਾਹਾਂ ਵਾਲੀਆਂ ਸਰਵਿਸ ਜੌਬ ਵੀ ਮਸੀਂ ਹੀ ਮਿਲਦੀਆਂ ਹਨ। ਟੈਕਸੀਆਂ ਚਲਾਉਣ ਤੇ ਸਰਵਿਸ ਸੈਕਟਰ ਵਿਚ ਕੰਮ ਕਰਨ ਵਾਲੇ ਹੋਰ ਵਰਕਰਾਂ ਦੀਆਂ ਨੌਕਰੀਆਂ ਵੀ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਆਮਦਨੀ ਥੱਲੇ ਜਾ ਰਹੀ ਹੈ। ਏਸ਼ੀਅਨ ਪਿਛੋਕੜ ਵਾਲੇ ਕਾਮੇ ਹਾਲੇ ਵੀ ਥੋੜ੍ਹੀ ਤਨਖ਼ਾਹ ਵਾਲੀਆਂ ਅਤੇ ਮਾੜੀਆਂ ਮੋਟੀਆਂ ਨੌਕਰੀਆਂ ਜਿਵੇਂ ਕਿ ਘਰੇਲੂ ਕੰਮ, ਸੀਨੀਅਰ ਹੋਮ , ਹਸਪਤਾਲਾਂ , ਏਅਰਪੋਰਟਾਂ , ਦਫਤਰਾਂ ਵਿਚ ਸਫ਼ਾਈ ਵਗ਼ੈਰਾ ਦੇ ਕੰਮ ਤੇ ਨਿਰਭਰ ਕਰਨ ਲਈ ਮਜਬੂਰ ਹਨ ਖ਼ਾਸ ਕਰ ਔਰਤਾਂ।
6. ਇਹ ਸਿਧਾਂਤ ਤੇ ਵਿਚਾਰਧਾਰਾ ਪੇਸ਼ ਕੀਤੀ ਜਾ ਰਹੀ ਹੈ ਕਿ ਕੈਨੇਡਾ ਹੁਣ ਭਾਂਤ ਭਾਂਤ ਦੇ ਲੋਕਾਂ ਦਾ ਦੇਸ਼ ਹੈ ਜਿੱਥੇ ਸਾਰੇ ਆਪੋ ਆਪਣੀ ਪਹਿਚਾਣ ਅਤੇ ਸ਼ਨਾਖ਼ਤ ਤੋਂ ਖ਼ੁਸ਼ ਹਨ, ਜੋ ਧਾਰਮਿਕ ਤੇ ਲਿੰਗ ਉੱਤੇ ਆਧਾਰਤ ਹੈ। ਇਸ ਵਿਚਾਰਧਾਰਾ ਤੇ ਸਿਧਾਂਤ ਦਾ ਮਕਸਦ ਕੈਨੇਡੀਅਨ ਲੋਕਾਂ ਨੂੰ ਪਾੜਨਾ ਤੇ ਆਪੋ ਆਪਣੇ ਗੈਟੋ ਵਿਚ ਬੈਠੇ ਰਹਿਣ ਲਈ ਕਹਿਣਾ ਹੈ ਤਾਂ ਕਿ ਉਹ ਆਪਣੇ ਹੱਕਾਂ ਦੀ ਲੜਾਈ ਦੀ ਗੱਲ ਨਾ ਕਰਨ ਤੇ ਧਨਾਢਾਂ ਦੀਆਂ ਮੌਜਾਂ ਲੱਗੀਆਂ ਰਹਿਣ। ਐਸੇ ਵੇਲੇ ਸਾਰੀ ਮਜ਼ਦੂਰ ਜਮਾਤ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਨੌਕਰੀਆਂ, ਤਨਖ਼ਾਹਾਂ ਅਤੇ ਜੀਵਨ ਮਿਆਰ ਉੱਤੇ ਹਮਲਾ ਤੇਜ਼ ਹੋ ਰਿਹਾ ਹੈ ਤੇ ਆਰਥਿਕ ਤੌਰ ਕਿਸੇ ਨੂੰ ਕੋਈ ਹਿਫ਼ਾਜ਼ਤ ਨਹੀਂ।
7. ਕੈਨੇਡਾ ਦੀ ਕਨਫੈਡਰੇਸ਼ਨ ਦੀ 150ਵੀਂ ਵਰ੍ਹੇ ਗੰਢ ਆਉਣ ਵਾਲੀ ਹੈ ਤੇ ਇਸ ਵੇਲੇ ਮਾਡਰਨ ਨੇਸ਼ਨ ਬਿਲਡਿੰਗ ਪ੍ਰੋਜੈਕਟ ਇਕ ਬਹੁਤੀ ਹੀ ਜ਼ਰੂਰੀ ਕੰਮ ਬਣ ਗਿਆ ਹੈ। ਮਜ਼ਦੂਰ ਜਮਾਤ ਇਕ ਕੌਮ ਬਣੇ ਤੇ ਪ੍ਰਭੂਸਤਾ ਲੋਕਾਂ ਦੇ ਹੱਥ ਹੋਣੀ ਬਹੁਤ ਹੀ ਲਾਜ਼ਮੀ ਹੈ। ਵੱਡੀਆਂ ਵਿਸ਼ਵ ਵਿਆਪਕ ਅਜਾਰੇਦਾਰੀਆਂ ਤੇ ਫ਼ਰੀ ਟਰੇਡ ਦੇ ਗ਼ਲਬੇ ਹੇਠ ਲੋਕਾਂ ਦੇ ਹੱਕ ਲਿਤਾੜੇ ਨਹੀਂ ਜਾਣੇ ਚਾਹੀਦੇ। ਨਸਲ, ਧੰਨ ਦੌਲਤ ਅਤੇ ਅਸਰ ਰਸੂਖ਼ ਦੇ ਅਧਾਰ ਤੇ ਹੱਕ ਦੇਣ ਜਾਂ ਨਾ ਦੇਣ ਦੀ ਪੁਰਾਣੀ ਬਸਤੀਵਾਦੀ ਤੇ ਫ਼ਿਰਕੂ ਰੀਤ ਲਈ ਅੱਜ ਕੈਨੇਡਾ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਕੋਈ ਕੀ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਇਹਦਾ ਫ਼ੈਸਲਾ ਲੋਕ ਕਰਨਗੇ। ਇਹੋ ਜਿਹੇ ਅਦਾਰੇ ਤੇ ਸੰਸਥਾਵਾਂ ਬਣਾਈਆਂ ਜਾਣ ਜੋ ਲੋਕਾਂ ਦੇ ਹੱਕਾਂ ਦੀ ਜ਼ਾਮਨੀ ਦੇਣ। ਬੀਤੇ ਸਮੇਂ ਦੀਆਂ ਬੇਇਨਸਾਫ਼ੀਆਂ ਲਈ ਮਾਫ਼ੀ ਮੰਗ ਲੈਣੀ ਕਿਸੇ ਮਸਲੇ ਦਾ ਹੱਲ ਨਹੀਂ। ਲੋਕਾਂ ਦੇ ਹੱਕਾਂ ਦੀ ਗਰੰਟੀ ਦੇ ਬਗੈਰ ਇਹੋ ਜਿਹੀਆਂ ਮਾਫ਼ੀਆਂ ਇਕ ਫਰਾਡ ਹਨ , ਪਖੰਡਬਾਜ਼ੀ ਹੈ।
8. 1914 ਵਿਚ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਅਤੇ ਕੈਨੇਡਾ ਦੀ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਖ਼ਿਲਾਫ਼ ਕੀਤੇ ਜੁਰਮਾਂ ਨੂੰ ਮੰਨਣਾ ਇਹ ਸਵੀਕਾਰ ਕਰਨਾ ਹੈ ਕਿ ਉਨ੍ਹਾਂ ਦੇ ਵਾਰਸਾਂ, ਸਾਥੀਆਂ, ਹਾਮੀਆਂ ਅਤੇ ਵਿਸ਼ਾਲ ਮਜ਼ਦੂਰ ਜਮਾਤ ਦੇ ਸਾਹਮਣੇ ਕਰਨ ਵਾਲੇ ਕੰਮ ਅਜੇ ਪਏ ਹਨ। ਆਪਣੇ ਏਕੇ ਨਾਲ ਕੈਨੇਡੀਅਨ ਲੋਕ ਆਪਣੇ ਏਜੰਡੇ ਤੇ ਸਿਆਸਤ ਦੇ ਗਿਰਦ ਇਕ ਲਹਿਰ ਖੜੀ ਕਰ ਸਕਦੇ ਹਨ ਜੋ ਹੱਕਾਂ ਦੀ ਆਧੁਨਿਕ ਪਰਿਭਾਸ਼ਾ ਅਤੇ ਸਾਰਿਆਂ ਦੇ ਹੱਕ ਦੀ ਡਟ ਕੇ ਰਾਖੀ ਕਰ ਸਕੇ। ਬੀਤੇ ਸਮੇਂ ਦੀ ਨਸਲਵਾਦੀ ਤੇ ਫ਼ਿਰਕੂ ਸਿਆਸਤ ਬਾਜ਼ੀ ਤੇ ਜੁਰਮਾਂ ਨੂੰ ਪਖੰਡਬਾਜ਼ੀ ਤੇ ਧੋਖੇਬਾਜ਼ੀ ਨਾਲ ਲਕੋਇਆ ਨਹੀਂ ਜਾ ਸਕਦਾ। ਕੈਨੇਡੀਅਨਾ ਨੂੰ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਹੌਸਲੇ ਤੇ ਬਹਾਦਰੀ ਤੋਂ ਉਤਸ਼ਾਹ ਲੈ ਕੇ ਆਪਣੇ ਹੱਕਾਂ ਦੀ ਰਾਖੀ ਦੀ ਲੜਾਈ ਤਕੜੇ ਹੋ ਕੇ ਲੜਨੀ ਚਾਹੀਦੀ ਹੈ ਤੇ ਇਕ ਨਵਾਂ ਕੈਨੇਡਾ ਤਾਮੀਰ ਕਰਨਾ ਚਾਹੀਦਾ ਹੈ ਜੋ ਸਾਰਿਆਂ ਦੇ ਹੱਕਾਂ ਦੀ ਜ਼ਾਮਨੀ ਦੇਵੇ।

Back to top      Back to Home Page